Your renting rights and responsibilities

Skip listen and sharing tools

ਕਿਸੇ ਜਾਇਦਾਦ ਨੂੰ ਕਿਰਾਏ ਉੱਤੇ ਦੇਣ ਸਮੇਂ ਤੁਹਾਡੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਹਨ। ਇਹ ਪੰਨਾ ਤੁਹਾਨੂੰ ਜਾਇਦਾਦ ਕਿਰਾਏ ਉੱਤੇ ਲੈਣ ਦੇ ਬਾਰੇ ਮੁੱਢਲੀ ਜਾਣਕਾਰੀ ਦਿੰਦਾ ਹੈ, ਅਤੇ ਜੇ ਤੁਹਾਨੂੰ ਇਸ ਦੀ ਲੋੜ ਹੈ ਤਾਂ ਇਹ ਤੁਹਾਨੂੰ ਹੋਰ ਜਾਣਕਾਰੀ ਲੱਭਣ ਵਿੱਚ ਮਦਦ ਕਰੇਗਾ।

ਵਿਕਟੋਰੀਆ ਨੇ 2021 ਵਿੱਚ ਕਿਰਾਏ ਦੇ ਕਨੂੰਨਾਂ ਵਿੱਚ ਜਿਕਰਯੋਗ ਤਬਦੀਲੀਆਂ ਕੀਤੀਆਂ ਹਨ। ਨਵੇਂ ਨਿਯਮਾਂ ਬਾਰੇ ਪੜ੍ਹੋ।

ਇਸ ਪੰਨੇ ਉੱਤੇ:

ਇਹ ਫੈਸਲਾ ਕਰਨਾ ਕਿ ਕੀ ਜਾਇਦਾਦ ਤੁਹਾਡੇ ਲਈ ਸਹੀ ਹੈ

ਜਦ ਤੁਸੀਂ ਰਹਿਣ ਲਈ ਉਹਨਾਂ ਦੀ ਜਾਇਦਾਦ ਕਿਰਾਏ ਉੱਤੇ ਲੈਣ ਲਈ ਕਿਸੇ ਨਾਲ ਸਹਿਮਤ ਹੁੰਦੇ ਹੋ, ਤਾਂ ਤੁਸੀਂ ਰਿਹਾਇਸ਼ੀ ਕਿਰਾਏ ਦੇ ਇਕਰਾਰਨਾਮੇ ਵਿੱਚ ਦਾਖਲ ਹੋ ਰਹੇ ਹੋ। ਇਹ ਇਕ ਕਨੂੰਨੀ ਦਸਤਾਵੇਜ਼ ਹੈ, ਅਤੇ ਇਕਰਾਰਨਾਮੇ ਨੂੰ ਖਤਮ ਕਰਨ ਵਿੱਚ ਸਮਾਂ ਲੱਗ ਸਕਦਾ ਹੈ, ਇਸ ਲਈ ਤੁਹਾਨੂੰ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਜਾਇਦਾਦ ਤੁਹਾਡੇ ਵਾਸਤੇ ਸਹੀ ਹੈ।

ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਕਿਰਾਏ ਦੇ ਇਕਰਾਰਨਾਮੇ ਵਿੱਚ ਦਾਖਲ ਹੋਵੋ, ਕੁਝ ਵਿਸ਼ੇਸ਼ ਜਾਣਕਾਰੀ ਹੈ ਜੋ ਕਿਸੇ ਕਿਰਾਏ ਦੇ ਪ੍ਰਦਾਤਾ (ਮਕਾਨ ਮਾਲਕ) ਦੁਆਰਾ ਤੁਹਾਨੂੰ ਦੱਸਣਾ ਲਾਜ਼ਮੀ ਹੈ। ਇਹਨਾਂ ਨੂੰ ਲਾਜ਼ਮੀ ਸਪੱਸ਼ਟੀਕਰਨ ਕਹਿੰਦੇ ਹਨ। ਇਸ ਵਿੱਚ ਹੇਠ ਲਿਖੇ ਸ਼ਾਮਲ ਹਨ:

 • ਜੇ ਮਕਾਨ ਮਾਲਕ ਨੇ ਜਾਇਦਾਦ ਨੂੰ ਵੇਚਣ ਲਈ ਕਿਸੇ ਏਜੰਟ ਨੂੰ ਲਗਾਇਆ ਹੈ, ਜਾਂ ਜਾਇਦਾਦ ਲਈ ਵਿਕਰੀ ਦਾ ਇਕਰਾਰਨਾਮਾ ਤਿਆਰ ਕੀਤਾ ਗਿਆ ਹੈ।
 • ਜੇ ਉਹ ਜਾਇਦਾਦ ਦੇ ਮਾਲਕ ਹਨ ਜਾਂ, ਜੇ ਨਹੀਂ, ਜੇ ਉਹਨਾਂ ਨੂੰ ਜਾਇਦਾਦ ਕਿਰਾਏ ਉੱਤੇ ਦੇਣ ਦਾ ਅਧਿਕਾਰ ਹੈ।
 • ਜੇ ਕਿਰਾਏ ਦੀ ਜਾਇਦਾਦ ਜਾਂ ਸਾਂਝੀ ਜਾਇਦਾਦ ਪਿਛਲੇ 5 ਸਾਲਾਂ ਵਿੱਚ ਕਿਸੇ ਮਨੁੱਖੀ ਹੱਤਿਆ ਦਾ ਸਥਾਨ ਰਹੀ ਹੈ।
 • ਜੇ ਕਿਰਾਏ ਵਾਲੀ ਜਾਇਦਾਦ ਵਿੱਚ ਐਸਬੈਸਟਸ ਹੈ।

ਲਾਜ਼ਮੀ ਸਪੱਸ਼ਟੀਕਰਨ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ ਇਕਰਾਰਨਾਮੇ ਉੱਤੇ ਦਸਤਖਤ ਕਰਦੇ ਸਮੇਂ ਆਪਣੇ ਅਧਿਕਾਰਾਂ ਬਾਰੇ ਜਾਨਣਾ ਦੇਖੋ।

ਕਿਰਾਏ ਦੇ ਪ੍ਰਦਾਤਿਆਂ ਦੁਆਰਾ ਭੇਦਭਾਵ

ਵਿਕਟੋਰੀਆ ਵਿੱਚ, ਕੁਝ ਵਿਸ਼ੇਸ਼ ਨਿੱਜੀ ਗੁਣਾਂ ਦੇ ਸਬੰਧ ਵਿੱਚ ਕਿਸੇ ਨਾਲ ਭੇਦਭਾਵ ਕਰਨਾ ਗੈਰ-ਕਨੂੰਨੀ ਹੈ। ਇਸ ਦਾ ਮਤਲਬ ਇਹ ਹੈ ਕਿ ਕਿਰਾਏ ਦੇ ਪ੍ਰਦਾਤਾ ਅਤੇ ਰੀਅਲ ਇਸਟੇਟ ਏਜੰਟ ਕਨੂੰਨ ਦੁਆਰਾ ਸੁਰੱਖਿਅਤ ਕੀਤੇ ਨਿੱਜੀ ਗੁਣਾਂ ਦੇ ਆਧਾਰ ਤੇ ਤੁਹਾਡੀ ਕਿਰਾਏਦਾਰੀ ਦੌਰਾਨ ਭੇਦਭਾਵ ਨਹੀਂ ਕਰ ਸਕਦੇ ਜਾਂ ਤੁਹਾਨੂੰ ਰਿਹਾਇਸ਼ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ।

ਇਹਨਾਂ ਨਿੱਜੀ ਵਿਸ਼ੇਸ਼ਤਾਵਾਂ ਦੇ ਅਧਾਰ ਤੇ ਜਦ ਤੁਸੀਂ ਕਿਸੇ ਕਿਰਾਏ ਵਾਲੀ ਜਾਇਦਾਦ ਵਾਸਤੇ ਅਰਜ਼ੀ ਦੇ ਰਹੇ ਹੁੰਦੇ ਹੋ, ਕਿਸੇ ਕਿਰਾਏ ਵਾਲੀ ਜਾਇਦਾਦ ਵਿੱਚ ਰਹਿਣ ਜਾ ਰਹੇ ਹੋ ਜਾਂ ਕਿਸੇ ਕਿਰਾਏ ਵਾਲੀ ਜਾਇਦਾਦ ਨੂੰ ਛੱਡ ਰਹੇ ਹੋ, ਤਦ ਮਕਾਨ ਮਾਲਕ ਜਾਂ ਉਹਨਾਂ ਦੇ ਏਜੰਟ ਵੱਲੋਂ ਤੁਹਾਡੇ ਨਾਲ ਪ੍ਰਤੀਕੂਲ ਵਿਵਹਾਰ ਕਰਨਾ ਜਾਂ ਤੁਹਾਡੇ ਨਾਲ ਭੇਦਭਾਵ ਕਰਨਾ ਕਨੂੰਨ ਦੇ ਖਿਲਾਫ ਹੈ।

ਕਿਰਾਏ ਦੇ ਪ੍ਰਦਾਤਿਆਂ ਤੋਂ ਲੋੜ ਸਮਝੀ ਜਾਂਦੀ ਹੈ ਕਿ ਹਰ ਵਾਰ ਜਦ ਤੁਸੀਂ ਕਿਰਾਏ ਦੀ ਜਾਇਦਾਦ ਵਾਸਤੇ ਅਰਜ਼ੀ ਦਿੰਦੇ ਹੋ ਤਾਂ ਉਹਨਾਂ ਨੂੰ ਤੁਹਾਨੂੰ ਭੇਦਭਾਵ ਬਾਰੇ ਜਾਣਕਾਰੀ ਦੇਣ ਦੀ ਲੋੜ ਹੁੰਦੀ ਹੈ।

ਕਿਰਾਏ ਉੱਤੇ ਲੈਣ ਵਿੱਚ ਭੇਦਭਾਵ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਾਏ ਉੱਤੇ ਲੈਣ ਵਿੱਚ ਗੈਰ-ਕਨੂੰਨੀ ਭੇਦਭਾਵ ਦੇਖੋ।

ਉਹ ਸਵਾਲ ਜੋ ਕਿਰਾਏ ਉੱਤੇ ਦੇਣ ਵਾਲੇ ਤੁਹਾਨੂੰ ਨਹੀਂ ਪੁੱਛ ਸਕਦੇ

ਜੇ ਤੁਸੀਂ ਕਿਸੇ ਕਿਰਾਏ ਵਾਲੀ ਜਾਇਦਾਦ ਵਾਸਤੇ ਅਰਜ਼ੀ ਦੇ ਰਹੇ ਹੋ, ਤਾਂ ਮਕਾਨ ਮਾਲਕ ਤੁਹਾਨੂੰ ਨਹੀਂ ਪੁੱਛ ਸਕਦਾ:

 • ਕੀ ਤੁਸੀਂ ਪਹਿਲਾਂ ਕਿਸੇ ਮਕਾਨ ਮਾਲਕ (ਜਾਂ ਹੋਰ ਬਸੇਰਾ ਪ੍ਰਦਾਤਾ) ਨਾਲ ਵਿਵਾਦ ਵਿੱਚ ਸ਼ਾਮਲ ਰਹੇ ਹੋ
 • ਕੀ ਤੁਹਾਡੇ ਬੌਂਡ ਉੱਤੇ ਕਦੇ ਵੀ ਕੋਈ ਦਾਅਵਾ ਹੋਇਆ ਹੈ
 • ਤੁਹਾਡੇ ਸਾਰੇ ਰੋਜ਼ਾਨਾ ਲੈਣ-ਦੇਣ ਵਾਲੇ ਕਰੈਡਿਟ ਜਾਂ ਬੈਂਕ ਸਟੇਟਮੈਂਟ ਵਾਸਤੇ – ਮਕਾਨ ਮਾਲਕ ਸਟੇਟਮੈਂਟ ਮੰਗ ਸਕਦਾ ਹੈ, ਪਰ ਤੁਸੀਂ ਆਪਣੀ ਪਰਦੇਦਾਰੀ ਦੀ ਰੱਖਿਆ ਕਰਨ ਲਈ ਕੁਝ ਲੈਣ-ਦੇਣ ਨੂੰ ਹਟਾ ਸਕਦੇ ਹੋ
 • ਬਰਾਬਰ ਮੌਕੇ ਦੇ ਕਾਨੂੰਨ 2010 ਦੇ ਤਹਿਤ ਕਿਸੇ ਸੁਰੱਖਿਅਤ ਵਿਸ਼ੇਸ਼ਤਾ ਬਾਰੇ ਕੋਈ ਜਾਣਕਾਰੀ, ਜਦ ਤੱਕ ਕਿ ਜਾਣਕਾਰੀ ਦੀ ਲੋੜ ਦਾ ਕਾਰਨ ਲਿਖਤੀ ਰੂਪ ਵਿੱਚ ਪ੍ਰਦਾਨ ਨਹੀਂ ਕੀਤਾ ਜਾਂਦਾ।

ਕਈ ਵਾਰ ਕਿਰਾਏ ਦੇ ਪ੍ਰਦਾਤਿਆਂ ਨੂੰ ਇਹ ਜਾਣਕਾਰੀ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਹੋਵੇਗੀ। ਪਰ ਜਦੋਂ ਤੁਸੀਂ ਜਾਇਦਾਦ ਵਾਸਤੇ ਅਰਜ਼ੀ ਦੇ ਰਹੇ ਹੁੰਦੇ ਹੋ ਤਾਂ ਉਹ ਤੁਹਾਨੂੰ ਜਾਣਕਾਰੀ ਨਹੀਂ ਪੁੱਛ ਸਕਦੇ।

ਕਿਰਾਏ ਦੇ ਇਕਰਾਰਨਾਮੇ ਦੀ ਸ਼ੁਰੂਆਤ

ਜਦ ਤੁਸੀਂ ਰਹਿਣ ਲਈ ਉਹਨਾਂ ਦੀ ਜਾਇਦਾਦ ਕਿਰਾਏ ਉੱਤੇ ਲੈਣ ਲਈ ਕਿਸੇ ਨਾਲ ਸਹਿਮਤ ਹੁੰਦੇ ਹੋ, ਤਾਂ ਤੁਸੀਂ ਰਿਹਾਇਸ਼ੀ ਕਿਰਾਏ ਦੇ ਇਕਰਾਰਨਾਮੇ ਵਿੱਚ ਦਾਖਲ ਹੋ ਰਹੇ ਹੋ (ਜਿਸ ਨੂੰ ਕਈ ਵਾਰ ਪਟਾ ਜਾਂ ਕਿਰਾਏਦਾਰੀ ਦੇ ਇਕਰਾਰਨਾਮੇ ਵਜੋਂ ਜਾਣਿਆ ਜਾਂਦਾ ਹੈ)।

ਇਕਰਾਰਨਾਮਾ ਲਿਖਿਆ ਜਾ ਸਕਦਾ ਹੈ ਜਾਂ ਜ਼ੁਬਾਨੀ ਹੋ ਸਕਦਾ ਹੈ, ਪਰ ਇਸ ਇਕਰਾਰਨਾਮੇ ਨੂੰ ਲਿਖਤੀ ਰੂਪ ਵਿੱਚ ਰੱਖਣਾ ਬਿਹਤਰ ਹੈ।

ਕਿਰਾਏ ਦੇ ਇਕਰਾਰਨਾਮੇ ਤੁਹਾਡੇ ਅਤੇ ਮਕਾਨ ਮਾਲਕ ਵਿਚਕਾਰ ਸਮਝੌਤਾ ਹੈ। ਇਸ ਵਿੱਚ ਇਹ ਦੱਸਦੇ ਹਨ:

ਕਿਰਾਏ ਦੇ ਲਿਖਤੀ ਇਕਰਾਰਨਾਮੇ ਵਿੱਚ ਦਾਖਲ ਹੋਣ ਵੇਲੇ ਤੁਹਾਨੂੰ ਲਾਜ਼ਮੀ ਤੌਰ ਤੇ 'ਤਜਵੀਜ਼ ਕੀਤੇ ਫਾਰਮ' ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਤਜਵੀਜ਼ ਸ਼ੁਦਾ ਫਾਰਮ ਨੂੰ ਵਿਕਟੋਰੀਆ ਦੇ ਕਿਰਾਏ ਦੇ ਕਨੂੰਨ ਦੁਆਰਾ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਅਸੀਂ ਸਾਡੇ ਸਰਕਾਰੀ ਫਾਰਮ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ।

ਪੰਜ ਸਾਲ ਜਾਂ ਇਸ ਤੋਂ ਘੱਟ ਦੇ ਪੱਕੀ-ਮਿਆਦ ਦੇ ਇਕਰਾਰਨਾਮਿਆਂ ਵਾਸਤੇ, ਅਸੀਂ ਆਪਣੇ ਸਰਕਾਰੀ ਫਾਰਮ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ ਫਾਰਮ 1

5 ਸਾਲਾਂ ਤੋਂ ਵਧੇਰੇ ਸਮੇਂ ਲਈ ਪੱਕੀ-ਮਿਆਦ ਦੇ ਇਕਰਾਰਨਾਮਿਆਂ ਵਾਸਤੇ, ਅਸੀਂ ਤੁਹਾਨੂੰ ਸਾਡੇ ਸਰਕਾਰੀ ਫਾਰਮ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ ਫਾਰਮ 2

ਕਿਰਾਏਦਾਰ ਜਾਂ ਮਕਾਨ ਮਾਲਕ, ਕਿਰਾਏ ਦੇ ਇਕਰਾਰਨਾਮੇ ਵਿੱਚ ਸ਼ਰਤਾਂ ਜਾਂ ਨਿਯਮ ਜੋੜ ਸਕਦਾ ਹੈ, ਜਦ ਤੱਕ ਕਿ ਉਹ ਰਿਹਾਇਸ਼ੀ ਕਿਰਾਏਦਾਰੀ ਵਾਲੇ ਕਾਨੂੰਨ ਦੀ ਪਾਲਣਾ ਕਰਦੇ ਹਨ।

ਉਦਾਹਰਣ ਲਈ, ਮਕਾਨ ਮਾਲਕ ਜਾਇਦਾਦ ਦੇ ਅੰਦਰ ਸਿਗਰਟ ਨਾ ਪੀਣ ਬਾਰੇ ਨਿਯਮ ਸ਼ਾਮਲ ਕਰ ਸਕਦਾ ਹੈ। ਜਾਂ, ਕਿਰਾਏਦਾਰ ਅਜਿਹਾ ਨਿਯਮ ਸ਼ਾਮਲ ਕਰਨ ਲਈ ਕਹਿ ਸਕਦਾ ਹੈ, ਜੋ ਕਹਿੰਦਾ ਹੈ ਕਿ ਗੈਸ ਦੇ ਸਾਰੇ ਉਪਕਰਣਾਂ ਦੀ ਹਰ ਦੋ ਸਾਲਾਂ ਬਾਅਦ ਮੁਰੰਮਤ (ਸਰਵਿਸ) ਕੀਤੀ ਜਾਣੀ ਲਾਜ਼ਮੀ ਹੈ।

ਤੁਹਾਨੂੰ ਕੇਵਲ ਤਾਂ ਹੀ ਇਕਰਾਰਨਾਮੇ ਉੱਤੇ ਦਸਤਖਤ ਕਰਨੇ ਚਾਹੀਦੇ ਹਨ, ਜੇਕਰ ਤੁਸੀਂ ਕਿਰਾਏ ਦੇ ਇਕਰਾਰਨਾਮੇ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ, ਅਤੇ ਨਾਲ ਹੀ ਕਿਰਾਏਦਾਰ ਵਜੋਂ ਆਪਣੇ ਅਧਿਕਾਰਾਂ ਅਤੇ ਜਿੰਮੇਵਾਰੀਆਂ ਨੂੰ ਸਮਝਦੇ ਅਤੇ ਸਹਿਮਤ ਹੋ।

ਜੇ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਤੁਸੀਂ ਨਹੀਂ ਸਮਝਦੇ, ਤਾਂ ਇਸ ਦੀ ਵਿਆਖਿਆ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਜਾਇਦਾਦ ਵਿੱਚ ਵੱਸਣ ਤੋਂ ਪਹਿਲਾਂ

ਇਸ ਤੋਂ ਪਹਿਲਾਂ ਕਿ ਤੁਸੀਂ ਜਾਇਦਾਦ ਦੇ ਅੰਦਰ ਚਲੇ ਜਾਓ, ਤੁਹਾਡੇ ਮਕਾਨ ਮਾਲਕ ਜਾਂ ਏਜੰਟ ਨੂੰ ਲਾਜ਼ਮੀ ਤੌਰ ਉੱਤੇ ਤੁਹਾਨੂੰ ਇਹ ਪ੍ਰਦਾਨ ਕਰਵਾਉਣਾ ਚਾਹੀਦਾ ਹੈ:

 • ਤੁਹਾਡੇ ਕਿਰਾਏ ਦੇ ਇਕਰਾਰਨਾਮੇ ਦੀ ਨਕਲ
 • ਹਰੇਕ ਕਿਰਾਏਦਾਰ ਵਾਸਤੇ ਕੁੰਜੀਆਂ ਦਾ ਗੁੱਛਾ ਜਿਸ ਨੇ ਇਕਰਾਰਨਾਮੇ ਉੱਤੇ ਦਸਤਖਤ ਕੀਤੇ ਹਨ
 • ਜਾਇਦਾਦ ਦੀ ਦਸ਼ਾ ਦੀ ਰਿਪੋਰਟ (ਜੇ ਤੁਹਾਨੂੰ ਉਹਨਾਂ ਨੂੰ ਬੌਂਡ ਦਾ ਭੁਗਤਾਨ ਕਰਨ ਦੀ ਲੋੜ ਪੈਂਦੀ ਹੈ)
 • ਜੇ ਤੁਹਾਨੂੰ ਜ਼ਰੂਰੀ ਮੁਰੰਮਤਾਂ ਦੀ ਲੋੜ ਹੈ ਤਾਂ ਸੰਪਰਕ ਦੇ ਵੇਰਵੇ।

ਤੁਹਾਨੂੰ ਉਹਨਾਂ ਪਾਣੀ, ਬਿਜਲੀ, ਗੈਸ ਅਤੇ ਟੈਲੀਫੋਨ ਕੰਪਨੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਿੰਨ੍ਹਾਂ ਦੀ ਤੁਸੀਂ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹੋ, ਅਤੇ ਉਹਨਾਂ ਸੇਵਾਵਾਂ ਨੂੰ ਜੁੜਵਾ ਲੈਣਾ ਚਾਹੀਦਾ ਹੈ, ਜਦ ਤੱਕ ਤੁਸੀਂ ਜਾਇਦਾਦ ਦੇ ਅੰਦਰ ਜਾਂਦੇ ਹੋ। ਇਹਨਾਂ ਸੇਵਾਵਾਂ ਦਾ ਪ੍ਰਬੰਧ ਕਰਨਾ ਅਤੇ ਬਿੱਲਾਂ ਦਾ ਭੁਗਤਾਨ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜਦ ਤੱਕ ਕਿ ਤੁਹਾਡਾ ਇਕਰਾਰਨਾਮਾ ਕੁਝ ਹੋਰ ਨਹੀਂ ਕਹਿੰਦਾ ਹੈ।

ਵਧੇਰੇ ਜਾਣਕਾਰੀ ਵਾਸਤੇ, ਦੇਖੋ ਸੁਵਿਧਾਵਾਂ ਅਤੇ ਸੇਵਾਵਾਂ ਦੀ ਸਥਾਪਨਾ ਕਰਨੀ।

ਤੁਸੀਂ ਸਾਡੇ ਰਿਹਾਇਸ਼ੀ ਕਿਰਾਏ ਦੇ ਇਕਰਾਰਨਾਮੇ ਵਾਲੇ ਫਾਰਮ ਵਿੱਚ ਵਧੇਰੇ ਜਾਣਕਾਰੀ ਵੀ ਲੱਭ ਸਕਦੇ ਹੋ।

ਕਿਰਾਏ ਦੀ ਜਾਇਦਾਦ ਲਈ ਘੱਟੋ-ਘੱਟ ਮਿਆਰ

ਤੁਹਾਡੇ ਮਕਾਨ ਮਾਲਕ ਨੂੰ ਲਾਜ਼ਮੀ ਤੌਰ ਤੇ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਜਾਇਦਾਦ ਨੂੰ ਕਿਰਾਏ ਦੇ ਘੱਟੋ ਘੱਟ ਮਿਆਰਾਂ ਅਨੁਸਾਰ ਬਣਾਈ ਰੱਖਿਆ ਜਾਵੇ। ਇਸ ਵਿੱਚ ਇਹ ਯਕੀਨੀ ਬਨਾਉਣਾ ਸ਼ਾਮਲ ਹੈ:

 • ਜਾਇਦਾਦ ਵਿੱਚ ਕੋਈ ਉੱਲੀ, ਕੀੜੇ-ਮਕੌੜੇ ਜਾਂ ਹਾਨੀਕਾਰਕ ਜੀਵ ਨਹੀਂ ਹਨ
 • ਮੌਜੂਦਾ ਉਪਕਰਣ ਜਿਵੇਂ ਕਿ ਓਵਨ ਅਤੇ ਸਟੋਵ ਕੰਮ ਕਰਨ ਦੀ ਹਾਲਤ ਵਿੱਚ ਹਨ
 • ਸੁਰੱਖਿਅਤ, ਕੰਮ ਕਰਦਾ ਹੀਟਰ ਹੈ
 • ਰਸੋਈ ਅਤੇ ਗੁਸਲਖਾਨੇ ਵਿੱਚ ਗਰਮ ਪਾਣੀ ਦੀ ਵਾਜਬ ਸਪਲਾਈ ਹੈ
 • ਜਾਇਦਾਦ ਦਾ ਢਾਂਚਾ ਸੁਰੱਖਿਅਤ ਅਤੇ ਮੌਸਮ ਦੇ ਅਸਰ ਤੋਂ ਬਚੇ ਰਹਿਣ ਵਾਲਾ ਹੈ।

ਜੇ ਕਿਰਾਏ ਦੀ ਜਾਇਦਾਦ ਘੱਟੋ-ਘੱਟ ਮਿਆਰਾਂ ਦੀ ਪੂਰਤੀ ਨਹੀਂ ਕਰਦੀ, ਤਾਂ ਤੁਸੀਂ ਜਾਇਦਾਦ ਦੇ ਅੰਦਰ ਜਾਣ ਤੋਂ ਪਹਿਲਾਂ ਕਿਰਾਏ ਦੇ ਇਕਰਾਰਨਾਮੇ ਨੂੰ ਖਤਮ ਕਰ ਸਕਦੇ ਹੋ। ਤੁਸੀਂ ਕਿਰਾਏ ਦੀ ਜਾਇਦਾਦ ਦੇ ਅੰਦਰ ਜਾਣ ਦੇ ਬਾਅਦ ਕਿਸੇ ਵੀ ਸਮੇਂ ਘੱਟੋ ਘੱਟ ਮਿਆਰਾਂ ਦੀ ਪੂਰਤੀ ਕਰਨ ਲਈ ਜ਼ਰੂਰੀ ਮੁਰੰਮਤ ਦੀ ਬੇਨਤੀ ਵੀ ਕਰ ਸਕਦੇ ਹੋ।

ਨੋਟ ਕਰੋ: ਇਹ ਕੇਵਲ 29 ਮਾਰਚ 2021 ਤੋਂ ਦਸਤਖਤ ਕੀਤੇ ਨਵੇਂ ਕਿਰਾਏ ਦੇ ਇਕਰਾਰਨਾਮਿਆਂ ਉੱਤੇ ਲਾਗੂ ਹੁੰਦਾ ਹੈ। ਜੇ ਇਸ ਤਰੀਕ ਤੋਂ ਪਹਿਲਾਂ ਤੁਹਾਡੇ ਕਿਰਾਏ ਦੇ ਇਕਰਾਰਨਾਮੇ ਉੱਤੇ ਦਸਤਖਤ ਕੀਤੇ ਗਏ ਸਨ, ਤਾਂ ਤੁਸੀਂ ਕਿਰਾਏ ਦੇ ਨਵੇਂ ਕਨੂੰਨਾਂ ਦੇ ਪੰਨੇ ਉੱਤੇ ਸਾਡੇ ਪਰਿਵਰਤਨ ਬਾਰੇ ਵਧੇਰੇ ਜਾਣਕਾਰੀ ਲੱਭ ਸਕਦੇ ਹੋ।

ਘੱਟੋ-ਘੱਟ ਮਿਆਰਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਾਏ ਦੀਆਂ ਜਾਇਦਾਦਾਂ ਵਾਸਤੇ ਘੱਟੋ ਘੱਟ ਮਿਆਰ ਦੇਖੋ।

ਬੌਂਡ ਦਾ ਭੁਗਤਾਨ ਕਰਨਾ

ਜ਼ਿਆਦਾਤਰ ਮਕਾਨ ਮਾਲਕ ਤੁਹਾਨੂੰ ਜਾਇਦਾਦ ਦੇ ਅੰਦਰ ਰਿਹਾਇਸ਼ ਕਰਨ ਤੋਂ ਪਹਿਲਾਂ ਬੌਂਡ ਦਾ ਭੁਗਤਾਨ ਕਰਨ ਲਈ ਕਹਿਣਗੇ ਤਾਂ ਜੋ ਤੁਹਾਡੇ ਦੁਆਰਾ ਜਾਇਦਾਦ ਨੂੰ ਹੋਏ ਕਿਸੇ ਵੀ ਨੁਕਸਾਨ ਨੂੰ ਪੂਰਾ ਕਰਨ ਲਈ ਪੈਸੇ ਹੋਣ।

ਜੇ ਤੁਸੀਂ ਕੋਈ ਨੁਕਸਾਨ ਨਹੀਂ ਕਰਦੇ, ਤਾਂ ਤੁਸੀਂ ਜਾਇਦਾਦ ਵਿੱਚੋਂ ਬਾਹਰ ਜਾਣ ਉੱਤੇ ਆਪਣਾ ਬੌਂਡ ਵਾਪਸ ਲੈ ਲਵੋਗੇ।

ਜੇ ਤੁਸੀਂ ਨੁਕਸਾਨ ਕਰਦੇ ਹੋ, ਤਾਂ ਤੁਹਾਡੇ ਬਾਹਰ ਜਾਣ ਦੇ ਬਾਅਦ ਨੁਕਸਾਨ ਨੂੰ ਠੀਕ ਕਰਨ ਲਈ ਕਿਰਾਇਆ ਪ੍ਰਦਾਤਾ ਇਸ ਦੇ ਕੁਝ ਹਿੱਸੇ ਜਾਂ ਸਾਰੇ ਬੌਂਡ ਦੀ ਵਰਤੋਂ ਕਰ ਸਕਦਾ ਹੈ।

ਬੌਂਡ ਦੇ ਪੈਸੇ ਨੂੰ ਇਕ ਸੁਤੰਤਰ ਸੰਸਥਾ ਰਿਹਾਇਸ਼ੀ ਕਿਰਾਏਦਾਰੀ ਬੌਂਡ ਅਥਾਰਟੀ (RTBA) ਦੁਆਰਾ ਰੱਖਿਆ ਜਾਂਦਾ ਹੈ, ਜਦ ਤੱਕ ਕਿ ਤੁਹਾਡਾ ਇਕਰਾਰਨਾਮਾ ਖਤਮ ਨਹੀਂ ਹੋ ਜਾਂਦਾ ਹੈ। ਮਕਾਨ ਮਾਲਕ ਦੀ ਤਦ ਤੱਕ ਪੈਸੇ ਤੱਕ ਪਹੁੰਚ ਨਹੀਂ ਹੈ ਜਦ ਤੱਕ ਤੁਹਾਡੇ ਜਾਇਦਾਦ ਵਿੱਚੋਂ ਬਾਹਰ ਜਾਣ ਦੇ ਬਾਅਦ ਉਹਨਾਂ ਨੂੰ ਇਸ ਦੀ ਲੋੜ ਨਹੀਂ ਪੈਂਦੀ ਹੈ।

ਜੇ ਤੁਹਾਡਾ ਮਕਾਨ ਮਾਲਕ ਕੋਈ ਬੌਂਡ ਲੈਂਦਾ ਹੈ, ਤਾਂ ਉਹਨਾਂ ਨੂੰ ਲਾਜ਼ਮੀ ਤੌਰ ਤੇ:

 • ਇਸ ਨੂੰ RTBA ਕੋਲ ਦਰਜ ਕਰੇ
 • ਦਸਤਖਤ ਕਰਨ ਲਈ ਤੁਹਾਨੂੰ ਪੂਰਾ ਕੀਤਾ ਬੌਂਡ ਜਮ੍ਹਾਂ ਕਰਵਾਉਣ ਵਾਲਾ ਫਾਰਮ ਦੇਵੇ
 • ਦਸ਼ਾ ਵਾਲੀ ਰਿਪੋਰਟ ਤਿਆਰ ਕਰੇ ਜੋ ਜਾਇਦਾਦ ਦੀ ਆਮ ਹਾਲਤ ਨੂੰ ਰਿਕਾਰਡ ਕਰਦੀ ਹੈ

ਤੁਹਾਨੂੰ RTBA ਤੋਂ ਇਕ ਰਸੀਦ ਮਿਲੇਗੀ ਜੋ ਇਹ ਵਿਖਾਉਂਦੀ ਹੈ ਕਿ ਤੁਹਾਡਾ ਬੌਂਡ ਦਰਜ ਕੀਤਾ ਗਿਆ ਸੀ। ਯਕੀਨੀ ਬਣਾਓ ਕਿ ਤੁਸੀਂ ਆਪਣੀ ਬੌਂਡ ਵਾਲੀ ਰਸੀਦ ਨੂੰ ਸੁਰੱਖਿਅਤ ਰੱਖਦੇ ਹੋ।  ਜੇ ਭੁਗਤਾਨ ਦੇ 15 ਦਿਨਾਂ ਦੇ ਅੰਦਰ ਤੁਹਾਨੂੰ ਕੋਈ ਬੌਂਡ ਵਾਲੀ ਰਸੀਦ ਪ੍ਰਾਪਤ ਨਹੀਂ ਹੁੰਦੀ ਤਾਂ RTBA ਨਾਲ ਸੰਪਰਕ ਕਰੋ।

ਜਾਇਦਾਦ ਦੀ ਦਸ਼ਾ ਰਿਪੋਰਟ

ਦਸ਼ਾ ਰਿਪੋਰਟ ਵਿੱਚ ਜਾਇਦਾਦ ਦੀ ਸਥਿਤੀ ਦਰਜ ਹੁੰਦੀ ਹੈ, ਜਦ ਤੁਸੀਂ ਇਸ ਦੇ ਅੰਦਰ ਰਹਿਣ ਲਈ ਜਾਂਦੇ ਹੋ।

ਇਸ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਜਾਇਦਾਦ ਵਿੱਚ ਕੋਈ ਮੌਜੂਦਾ ਸਮੱਸਿਆਵਾਂ ਹਨ, ਜਿਵੇਂ ਕਿ ਕੋਈ ਵੀ ਚੀਜ਼ ਜੋ ਟੁੱਟੀ ਜਾਂ ਨੁਕਸਾਨੀ ਹੋਈ ਹੈ।

ਜਦ ਤੁਸੀਂ ਜਾਇਦਾਦ ਤੋਂ ਬਾਹਰ ਜਾਂਦੇ ਹੋ, ਤਾਂ ਦਸ਼ਾ ਰਿਪੋਰਟ ਦੀ ਵਰਤੋਂ ਇਹ ਜਾਂਚ ਕਰਨ ਲਈ ਕੀਤੀ ਜਾਂਦੀ ਹੈ ਕਿ ਕੀ ਤੁਸੀਂ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ (ਸਾਧਾਰਨ, ਰੋਜ਼ਾਨਾ ਵਰਤੋਂ ਤੋਂ ਇਲਾਵਾ, ਜਿਸਨੂੰ ਵਾਜਬ ਟੁੱਟ-ਭੱਜ/ਘਸਾਈ ਵਜੋਂ ਜਾਣਿਆ ਜਾਂਦਾ ਹੈ)।

ਤੁਹਾਡੇ ਜਾਇਦਾਦ ਦੇ ਅੰਦਰ ਜਾਣ ਤੋਂ ਪਹਿਲਾਂ ਤੁਹਾਡੇ ਮਕਾਨ ਮਾਲਕ ਜਾਂ ਏਜੰਟ ਨੂੰ ਲਾਜ਼ਮੀ ਤੌਰ ਤੇ ਤੁਹਾਨੂੰ ਅਵਸਥਾ ਰਿਪੋਰਟ ਦੀਆਂ 2 ਦਸਤਖਤ ਕੀਤੀਆਂ ਨਕਲਾਂ (ਜਾਂ ਇਕ ਇਲੈਕਟ੍ਰੌਨਿਕ ਕਾਪੀ) ਦੇਣੀ ਲਾਜ਼ਮੀ ਹੈ। ਜਦ ਤੁਹਾਨੂੰ ਅਵਸਥਾ ਰਿਪੋਰਟ ਦਿੱਤੀ ਜਾਂਦੀ ਹੈ, ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ:

 1. ਇਹ ਜਾਂਚ ਕਰੋ ਕਿ ਜਾਇਦਾਦ ਸੁਰੱਖਿਅਤ ਹੈ ਅਤੇ ਆਪਣੇ ਮਕਾਨ ਮਾਲਕ ਜਾਂ ਏਜੰਟ ਨੂੰ ਕਿਸੇ ਸੁਰੱਖਿਆ ਦੇ ਖਤਰਿਆਂ (ਜਿਵੇਂ ਕਿ ਤਲਾਬ ਦੀ ਵਾੜ ਜਾਂ ਬਿਜਲੀ ਦੀਆਂ ਸਮੱਸਿਆਵਾਂ) ਬਾਰੇ ਦੱਸੋ।
 2. ਰਿਪੋਰਟ ਦੀਆਂ ਦੋਵੇਂ ਨਕਲਾਂ ਨੂੰ ਭਰੋ। ਕਿਸੇ ਮੌਜੂਦਾ ਨੁਕਸਾਨ ਨੂੰ ਨੋਟ ਕਰੋ ਜਿਵੇਂ ਕਿ ਤਰੇੜਾਂ, ਕੰਧਾਂ ਉੱਤੇ ਨਿਸ਼ਾਨ, ਜਾਂ ਟੁੱਟੇ ਹੋਏ ਮੁੱਠੇ। ਤੁਸੀਂ ਇਹ ਵੀ ਨੋਟ ਕਰ ਸਕਦੇ ਹੋ ਕਿ ਜੇ ਤੁਸੀਂ ਰਿਪੋਰਟ ਵਿੱਚ ਤੁਹਾਡੇ ਮਕਾਨ ਮਾਲਕ ਜਾਂ ਏਜੰਟ ਵੱਲੋਂ ਲਿਖੀਆਂ ਗੱਲਾਂ ਨਾਲ ਅਸਹਿਮਤ ਹੋ
 3. ਅਜਿਹੀਆਂ ਫੋਟੋਆਂ ਲਓ ਜੋ ਚੀਜ਼ਾਂ, ਪੱਕੀਆਂ ਲੱਗੀਆਂ ਤੇ ਜੜੀਆਂ ਚੀਜ਼ਾਂ ਦੀ ਹਾਲਤ ਨੂੰ ਦਿਖਾਉਂਦੀਆਂ ਹਨ।
 4. ਜਾਇਦਾਦ ਦੇ ਅੰਦਰ ਰਿਹਾਇਸ਼ ਦੇ 3 ਦਿਨਾਂ ਦੇ ਅੰਦਰ ਆਪਣੇ ਮਕਾਨ ਮਾਲਕ ਜਾਂ ਏਜੰਟ ਨੂੰ ਦਸ਼ਾ ਰਿਪੋਰਟ ਦੀ ਇਕ ਦਸਤਖਤ ਕੀਤੀ ਨਕਲ ਵਾਪਸ ਕਰ ਦਿਓ।
 5. ਦੂਜੀ ਨਕਲ ਆਪਣੇ ਕੋਲ ਰੱਖੋ ਅਤੇ ਇਸ ਨੂੰ ਕਿਤੇ ਸੁਰੱਖਿਅਤ ਰੱਖ ਦਿਓ। ਜਦ ਤੁਸੀਂ ਜਾਇਦਾਦ ਛੱਡ ਕੇ ਜਾ ਰਹੇ ਹੁੰਦੇ ਹੋ ਤਾਂ ਤੁਹਾਨੂੰ ਇਸ ਦੀ ਲੋੜ ਪੈ ਸਕਦੀ ਹੈ ਤਾਂ ਜੋ ਤੁਸੀਂ ਆਪਣਾ ਬੌਂਡ ਵਾਪਸ ਲੈ ਸਕੋ।

ਕਿਰਾਏ ਦੇ ਇਕਰਾਰਨਾਮੇ ਦੌਰਾਨ

ਤੁਹਾਡੀ ਕਿਰਾਏ ਦੀ ਜਾਇਦਾਦ ਵਿੱਚ ਤੁਹਾਡੇ ਰਹਿਣ ਦੇ ਸਮੇਂ ਦੌਰਾਨ ਤੁਹਾਡੇ ਕੁਝ ਅਧਿਕਾਰ ਅਤੇ ਜ਼ਿੰਮੇਵਾਰੀਆਂ ਹਨ।

 • ਆਪਣੇ ਕਿਰਾਏ ਦਾ ਸਮੇਂ ਸਿਰ ਭੁਗਤਾਨ ਕਰੋ। ਤੁਸੀਂ ਹਰੇਕ ਕਿਰਾਏ ਦੇ ਭੁਗਤਾਨ ਵਾਸਤੇ ਰਸੀਦ ਪ੍ਰਾਪਤ ਕਰਨ ਦੇ ਹੱਕਦਾਰ ਹੋ।
 • ਜਾਇਦਾਦ ਨੂੰ ਵਾਜਬ ਤੌਰ ਉੱਤੇ ਸਾਫ਼ ਰੱਖੋ। ਜੇ ਤੁਸੀਂ ਅਜਿਹਾ ਨਹੀਂ ਕਰਦੇ, ਜਾਂ ਜੇ ਤੁਸੀਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਹੋ ਸਕਦਾ ਹੈ ਜਾਇਦਾਦ ਤੋਂ ਬਾਹਰ ਜਾਣ ਸਮੇਂ ਤੁਹਾਨੂੰ ਪੂਰਾ ਬੌਂਡ ਵਾਪਸ ਨਾ ਮਿਲੇ।
 • ਆਪਣੇ ਗੁਆਂਢੀਆਂ ਦੀ ਸ਼ਾਂਤੀ ਅਤੇ ਪਰਦੇਦਾਰੀ ਦਾ ਆਦਰ ਕਰੋ, ਅਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਪ੍ਰਾਹੁਣੇ ਵੀ ਅਜਿਹਾ ਹੀ ਕਰਦੇ ਹਨ।
 • ਆਪਣੇ ਮਕਾਨ ਮਾਲਕ ਜਾਂ ਏਜੰਟ ਨੂੰ ਮੁਰੰਮਤਾਂ ਬਾਰੇ ਦੱਸੋ ਜਿੰਨ੍ਹਾਂ ਨੂੰ ਕਰਨ ਦੀ ਲੋੜ ਹੈ
 • ਤੁਸੀਂ ਜਾਇਦਾਦ ਵਿੱਚ ਛੋਟੀਆਂ ਤਬਦੀਲੀਆਂ ਕਰ ਸਕਦੇ ਹੋ ਜਿਵੇਂ ਕਿ ਤਸਵੀਰਾਂ ਵਾਸਤੇ ਕੁੰਡੀਆਂ ਲਗਾਉਣਾ। ਪਰ ਤੁਹਾਨੂੰ ਲਾਜ਼ਮੀ ਤੌਰ ਉੱਤੇ ਮਕਾਨ ਮਾਲਕ ਦੀ ਸਹਿਮਤੀ ਤੋਂ ਬਿਨਾਂ ਜਾਇਦਾਦ ਦੀ ਮੁਰੰਮਤ ਕਰਨੀ, ਬਦਲਾਅ ਜਾਂ ਮੁੜ-ਸਜਾਉਣਾ ਨਹੀਂ ਚਾਹੀਦਾ ਹੈ।

ਤੁਹਾਡੇ ਮਕਾਨ ਮਾਲਕ ਜਾਂ ਏਜੰਟ ਨੂੰ ਜਾਇਦਾਦ ਵਿੱਚ ਦਾਖਲ ਹੋਣ ਦਾ ਅਧਿਕਾਰ ਹੈ, ਪਰ ਉਹਨਾਂ ਨੂੰ ਲਾਜ਼ਮੀ ਤੌਰ ਉੱਤੇ ਤੁਹਾਨੂੰ ਲਿਖਤੀ ਰੂਪ ਵਿੱਚ ਘੱਟੋ ਘੱਟ 24 ਘੰਟਿਆਂ ਦਾ ਨੋਟਿਸ ਦੇਣਾ ਚਾਹੀਦਾ ਹੈ, ਅਤੇ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੂੰ ਦਾਖਲ ਹੋਣ ਦੀ ਲੋੜ ਕਿਉਂ ਹੈ।

ਇੱਥੇ ਉਚਿੱਤ ਕਾਰਨਾਂ ਦੀ ਸੂਚੀ ਹੈ ਜਿਸ ਦੇ ਅਧੀਨ ਮਕਾਨ ਮਾਲਕ ਜਾਂ ਏਜੰਟ ਇਮਾਰਤ ਵਿੱਚ ਪ੍ਰਵੇਸ਼ ਕਰ ਸਕਦੇ ਹਨ। ਉਹ ਕਿਸੇ ਸਹਿਮਤੀ ਨਾਲ ਤਹਿ ਕੀਤੀ ਮਿਤੀ ਅਤੇ ਸਮੇਂ ਉੱਤੇ ਵੀ ਜਾਇਦਾਦ ਵਿੱਚ ਦਾਖਲ ਹੋ ਸਕਦੇ ਹਨ। ਮਕਾਨ ਮਾਲਕ ਜਾਂ ਏਜੰਟ ਹਰ 6 ਮਹੀਨਿਆਂ ਬਾਅਦ ਕੇਵਲ ਇਕ ਵਾਰ ਜਾਇਦਾਦ ਦੀ ਜਾਂਚ ਕਰ ਸਕਦੇ ਹਨ, ਅਤੇ ਤੁਹਾਡੇ ਉੱਥੇ ਰਹਿਣ ਵਾਲੇ ਪਹਿਲੇ 3 ਮਹੀਨਿਆਂ ਦੌਰਾਨ ਪਹਿਲੀ ਜਾਂਚ ਨਹੀਂ ਕਰ ਸਕਦੇ ਹਨ।

ਸੋਧਾਂ

ਤੁਹਾਡੇ ਮਕਾਨ ਮਾਲਕ ਦੀ ਪਹਿਲਾਂ ਸਹਿਮਤੀ ਲੈਣ ਤੋਂ ਬਿਨਾਂ ਤੁਹਾਨੂੰ ਆਪਣੀ ਕਿਰਾਏ ਦੀ ਜਾਇਦਾਦ ਵਿੱਚ ਕੁਝ ਸੋਧਾਂ ਕਰਨ ਦਾ ਅਧਿਕਾਰ ਹੈ। ਇਸ ਵਿੱਚ ਸ਼ਾਮਲ ਹਨ:

 • ਨੰਗੀਆਂ ਇੱਟਾਂ ਜਾਂ ਕੰਕਰੀਟ ਦੀਆਂ ਕੰਧਾਂ ਤੋਂ ਇਲਾਵਾ ਸਤਹਾਂ ਉੱਤੇ ਕੰਧਾਂ ਵਾਲੇ ਮਾਊਂਟ, ਸ਼ੈਲਫਾਂ ਜਾਂ ਬਰੈਕਟਾਂ ਵਾਸਤੇ ਤਸਵੀਰ ਵਾਲੀਆਂ ਕੁੰਡੀਆਂ ਜਾਂ ਪੇਚਾਂ ਨੂੰ ਲਗਾਉਣਾ।
 • ਵਧੀਆ ਸ਼ਾਵਰ ਹੈੱਡ ਲਗਾਉਣਾ, ਬਸ਼ਰਤੇ ਕਿ ਅਸਲੀ ਸ਼ਾਵਰ ਹੈੱਡ ਨੂੰ ਸਾਂਭ ਕੇ ਰੱਖਿਆ ਜਾਵੇ।
 • ਪਰਦੇ ਲਗਾਉਣੇ ਜਾਂ ਡੋਰੀਆਂ ਲਈ ਕੁੰਡੀਆਂ ਲਗਾਉਣੀਆਂ

ਹੋਰ, ਵਧੇਰੇ ਮਹੱਤਵਪੂਰਨ ਸੋਧਾਂ ਵੀ ਹਨ ਜਿੰਨ੍ਹਾਂ ਵਾਸਤੇ ਮਕਾਨ ਮਾਲਕ ਦੇ ਇਕਰਾਰਨਾਮੇ ਦੀ ਲੋੜ ਹੁੰਦੀ ਹੈ, ਫਿਰ ਵੀ, ਉਹਨਾਂ ਨੂੰ ਬਿਨਾਂ ਵਜਾਹ ਆਪਣੀ ਸਹਿਮਤੀ ਪ੍ਰਦਾਨ ਕਰਨ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਇਹਨਾਂ ਸੋਧਾਂ ਦੀ  ਪੂਰੀ ਸੂਚੀ ਇੱਥੇ ਵੇਖੀ ਜਾ ਸਕਦੀ ਹੈ।

ਜੇ ਤੁਸੀਂ ਸੋਧਾਂ ਕੀਤੀਆਂ ਹਨ, ਤਾਂ ਤੁਹਾਨੂੰ ਜਾਇਦਾਦ ਨੂੰ ਉਸੇ ਹਾਲਤ ਵਿੱਚ ਵਾਪਸ ਕਰਨ ਦੀ ਲੋੜ ਪਵੇਗੀ ਜੋ ਤੁਹਾਡੇ ਕਿਰਾਏ ਦੇ ਇਕਰਾਰਨਾਮੇ ਤੋਂ ਪਹਿਲਾਂ ਸੀ, ਜਦ ਤੱਕ ਕਿ ਤੁਹਾਡਾ ਮਕਾਨ ਮਾਲਕ ਹੋਰ ਤਰੀਕੇ ਨਾਲ ਸਹਿਮਤ ਨਾ ਹੋ ਜਾਵੇ।

ਸੋਧਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ, ਜਿਸ ਵਿੱਚ ਸ਼ਾਮਲ ਹੈ ਕਿ ਕਦੋਂ ਮਕਾਨ ਮਾਲਕ ਨੂੰ ਸਹਿਮਤੀ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ, ਕਿਰਾਏਦਾਰਾਂ ਦੁਆਰਾ ਜਾਇਦਾਦ ਵਿੱਚ ਤਬਦੀਲੀਆਂ ਕਰਨਾ ਵੇਖੋ।

ਮੁਰੰਮਤਾਂ ਕਰਵਾਉਣੀਆਂ

ਜਦ ਚੀਜ਼ਾਂ ਟੁੱਟ ਜਾਂਦੀਆਂ ਹਨ ਜਾਂ ਨੁਕਸਾਨੀਆਂ ਜਾਂਦੀਆਂ ਹਨ, ਤਾਂ ਤੁਹਾਨੂੰ ਜਾਇਦਾਦ ਵਿੱਚ ਮੁਰੰਮਤਾਂ ਕਰਵਾਉਣ ਦਾ ਅਧਿਕਾਰ ਹੁੰਦਾ ਹੈ। ਜੇ ਤੁਸੀਂ ਨੁਕਸਾਨ ਦਾ ਕਾਰਨ ਨਹੀਂ ਬਣੇ (ਉਦਾਹਰਣ ਲਈ, ਜੇ ਤੁਹਾਡਾ ਹੀਟਰ ਖਰਾਬ ਹੋ ਜਾਂਦਾ ਹੈ) ਤਾਂ ਤੁਹਾਨੂੰ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਨੁਕਸਾਨ ਤੁਹਾਡੇ ਕੋਲੋਂ ਹੋਇਆ ਹੈ, ਤਾਂ ਹੋ ਸਕਦਾ ਹੈ ਤੁਹਾਨੂੰ ਮੁਰੰਮਤਾਂ ਵਾਸਤੇ ਭੁਗਤਾਨ ਕਰਨਾ ਪਵੇ।

ਤੁਹਾਡੇ ਮਕਾਨ ਮਾਲਕ ਨੂੰ ਤੁਹਾਡੇ ਕਿਰਾਏ ਦੇ ਇਕਰਾਰਨਾਮੇ ਨੂੰ ਖਤਮ ਕਰਨ ਦੀ ਆਗਿਆ ਨਹੀਂ ਹੈ, ਇਸ ਕਰਕੇ ਕਿ ਕਿਉਂਕਿ ਤੁਸੀਂ ਮੁਰੰਮਤਾਂ ਵਾਸਤੇ ਕਿਹਾ ਸੀ।

ਮੁਰੰਮਤਾਂ ਜ਼ਰੂਰੀ ਜਾਂ ਗੈਰ-ਜ਼ਰੂਰੀ ਹੋ ਸਕਦੀਆਂ ਹਨ। ਜ਼ਰੂਰੀ ਮੁਰੰਮਤਾਂ ਉਹ ਹਨ ਜਿੰਨ੍ਹਾਂ ਨੂੰ ਇਹ ਯਕੀਨੀ ਬਨਾਉਣ ਲਈ ਕੀਤੇ ਜਾਣ ਦੀ ਲੋੜ ਹੈ ਕਿ ਜਾਇਦਾਦ ਰਹਿਣ ਲਈ ਸੁਰੱਖਿਅਤ ਹੈ। ਇਸ ਵਿੱਚ ਗੈਸ ਦਾ ਲੀਕ ਹੋਣਾ, ਗਰਮ ਪਾਣੀ ਦੀ ਟੁੱਟੀ ਪ੍ਰਣਾਲੀ ਜਾਂ ਨੁਕਸਾਨੀ ਗਈ ਤਲਾਬ ਦੀ ਵਾੜ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਵਧੇਰੇ ਜਾਣਕਾਰੀ ਵਾਸਤੇ, ਕਿਰਾਏ ਦੀਆਂ ਜਾਇਦਾਦਾਂ ਵਿੱਚ ਮੁਰੰਮਤਾਂ ਦੇਖੋ

ਜੇ ਤੁਹਾਨੂੰ ਜ਼ਰੂਰੀ ਮੁਰੰਮਤ ਦੀ ਲੋੜ ਹੈ

 • ਆਪਣੇ ਮਕਾਨ ਮਾਲਕ ਜਾਂ ਏਜੰਟ ਨੂੰ ਲਿਖਤੀ ਰੂਪ ਵਿੱਚ ਦੱਸੋ ਅਤੇ ਉਹਨਾਂ ਨੂੰ ਇਸ ਨੂੰ ਤੁਰੰਤ ਠੀਕ ਕਰਵਾਉਣਾ ਚਾਹੀਦਾ ਹੈ। ਆਪਣੀ ਬੇਨਤੀ ਨੂੰ ਲਿਖਤੀ ਰੂਪ ਵਿੱਚ ਪਾਉਣਾ ਵਧੀਆ ਵਿਚਾਰ ਹੈ, ਭਾਂਵੇਂ ਕਿ ਤੁਸੀਂ ਪਹਿਲਾਂ ਉਹਨਾਂ ਨਾਲ ਜਾਂ ਰੀਅਲ ਇਸਟੇਟ ਏਜੰਟ ਨਾਲ ਫੋਨ ਤੇ ਸੰਪਰਕ ਕੀਤਾ ਹੋਵੇ।
 • ਜੇ ਉਹ ਮੁਰੰਮਤ ਨੂੰ ਜਲਦੀ ਨਹੀਂ ਕਰਵਾਉਂਦੇ, ਤਾਂ ਤੁਸੀਂ ਮੁਰੰਮਤਾਂ ਨੂੰ ਖੁਦ ਕਰਵਾਉਣ ਲਈ 2500 ਡਾਲਰ ਤੱਕ ਦਾ ਭੁਗਤਾਨ ਕਰ ਸਕਦੇ ਹੋ।
 • ਇਹ ਯਕੀਨੀ ਬਣਾਓ ਕਿ ਤੁਸੀਂ ਕੰਮ ਵਾਸਤੇ ਸਾਰੀਆਂ ਰਸੀਦਾਂ, ਅਤੇ ਮੁਰੰਮਤਾਂ ਵਾਸਤੇ ਆਪਣੀਆਂ ਲਿਖਤੀ ਬੇਨਤੀਆਂ ਦੀਆਂ ਨਕਲਾਂ ਕੋਲ ਰੱਖਦੇ ਹੋ।
 • ਇਸ ਫਾਰਮ ਦੀ ਵਰਤੋਂ ਕਰਕੇ ਮੁਰੰਮਤਾਂ ਦੀ ਲਾਗਤ ਵਾਸਤੇ ਮਕਾਨ ਮਾਲਕ ਜਾਂ ਏਜੰਟ ਨੂੰ ਤੁਹਾਨੂੰ ਵਾਪਸ ਭੁਗਤਾਨ ਕਰਨ ਲਈ ਕਹੋ। ਉਹਨਾਂ ਨੂੰ ਫਾਰਮ ਪ੍ਰਾਪਤ ਕਰਨ ਦੇ 7 ਦਿਨਾਂ ਦੇ ਅੰਦਰ ਤੁਹਾਨੂੰ ਭੁਗਤਾਨ ਕਰਨਾ ਲਾਜ਼ਮੀ ਹੈ।
 • ਜੇ ਤੁਸੀਂ ਜ਼ਰੂਰੀ ਮੁਰੰਮਤਾਂ ਵਾਸਤੇ ਭੁਗਤਾਨ ਕਰਨ ਦੇ ਖ਼ਰਚੇ ਲਈ ਸਮਰੱਥ ਨਹੀਂ, ਮੁਰੰਮਤਾਂ ਦੀ ਲਾਗਤ 2500 ਡਾਲਰ ਤੋਂ ਵਧੇਰੇ ਹੈ ਜਾਂ ਮਕਾਨ ਮਾਲਕ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਸਲਾਹ ਵਾਸਤੇ ਸਾਨੂੰ ਫੋਨ ਕਰੋ।

ਜੇ ਤੁਹਾਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਕਿਸੇ ਜ਼ਰੂਰੀ ਮੁਰੰਮਤ ਦੀ ਲੋੜ ਹੈ, ਤਾਂ ਜ਼ਰੂਰੀ ਮੁਰੰਮਤਾਂ ਦੀ ਪੂਰੀ ਸੂਚੀ ਪੜ੍ਹੋ।

ਜੇ ਤੁਸੀਂ ਜਾਇਦਾਦ ਵਿੱਚ ਸੁਰੱਖਿਅਤ ਤਰੀਕੇ ਨਾਲ ਰਹਿਣਾ ਜਾਰੀ ਰੱਖ ਸਕਦੇ ਹੋ ਤਾਂ ਮੁਰੰਮਤ ਗੈਰ-ਜ਼ਰੂਰੀ ਹੈ। ਗੈਰ-ਜ਼ਰੂਰੀ ਮੁਰੰਮਤਾਂ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਹਨ ਜਿਵੇਂ ਕਿ ਟੁੱਟੀ ਹੋਈ ਅਲਮਾਰੀ ਜਾਂ ਡਿਸ਼ਵਾਸ਼ਰ। ਤੁਹਾਡੇ ਮਕਾਨ ਮਾਲਕ ਨੂੰ ਫਿਰ ਵੀ 14 ਦਿਨਾਂ ਦੇ ਅੰਦਰ ਗੈਰ-ਜ਼ਰੂਰੀ ਮੁਰੰਮਤਾਂ ਨੂੰ ਠੀਕ ਕਰਨਾ ਚਾਹੀਦਾ ਹੈ।

ਜੇ ਤੁਹਾਨੂੰ ਗੈਰ-ਜ਼ਰੂਰੀ ਮੁਰੰਮਤ ਦੀ ਲੋੜ ਹੈ:

 • ਆਪਣੇ ਮਕਾਨ ਮਾਲਕ ਜਾਂ ਏਜੰਟ ਨੂੰ ਮੁਰੰਮਤ ਕਰਨ ਲਈ ਲਿਖਤੀ ਰੂਪ ਵਿੱਚ ਕਹੋ। ਤੁਸੀਂ ਈਮੇਲ ਜਾਂ ਚਿੱਠੀ ਭੇਜ ਸਕਦੇ ਹੋ ਜਾਂ ਇਸ ਫਾਰਮ ਦੀ ਵਰਤੋਂ ਕਰ ਸਕਦੇ ਹੋ
 • ਸਾਰੀਆਂ ਚਿੱਠੀਆਂ, ਈਮੇਲਾਂ, ਲਿਖਤੀ ਸੰਦੇਸ਼ਾਂ, ਫਾਰਮਾਂ ਅਤੇ ਰਿਪੋਰਟਾਂ ਦੀ ਨਕਲ ਕੋਲ ਰੱਖੋ, ਤਾਂ ਜੋ ਜੇ ਕੋਈ ਸਮੱਸਿਆ ਜਾਂ ਵਿਵਾਦ ਹੋਵੇ, ਤਾਂ ਤੁਹਾਡੇ ਕੋਲ ਆਪਣੀਆਂ ਸਾਰੀਆਂ ਕਾਰਵਾਈਆਂ ਅਤੇ ਬੇਨਤੀਆਂ ਦਾ ਸਬੂਤ ਹੋਵੇ।
 • ਜੇ ਬੇਨਤੀ ਪ੍ਰਾਪਤ ਕਰਨ ਦੇ 14 ਦਿਨਾਂ ਦੇ ਅੰਦਰ ਮਕਾਨ ਮਾਲਕ ਜਾਂ ਏਜੰਟ ਨੇ ਮੁਰੰਮਤਾਂ ਨਹੀਂ ਕਰਵਾਈਆਂ ਜਾਂ ਮੁਰੰਮਤ ਦੀ ਬੇਨਤੀ ਕਰਨ ਲਈ VCAT ਨੂੰ ਅਰਜ਼ੀ ਦਿੱਤੀ ਹੈ ਤਾਂ ਸਾਨੂੰ ਫੋਨ ਕਰੋ।

ਇਕਰਾਰਨਾਮੇ ਨੂੰ ਨਵਿਆਉਣਾ

ਜਦ ਤੁਹਾਡਾ ਕਿਰਾਏ ਵਾਲਾ ਇਕਰਾਰਨਾਮਾ ਖਤਮ ਹੋ ਜਾਂਦਾ ਹੈ, ਤਾਂ ਤੁਹਾਨੂੰ ਹਮੇਸ਼ਾਂ ਜਾਇਦਾਦ ਨੂੰ ਛੱਡਣ ਦੀ ਲੋੜ ਨਹੀਂ ਹੁੰਦੀ। ਜੇ ਤੁਸੀਂ ਜਾਇਦਾਦ ਵਿੱਚ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਵੇਖਣ ਲਈ ਆਪਣੇ ਮਕਾਨ ਮਾਲਕ ਜਾਂ ਏਜੰਟ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿ ਕੀ ਤੁਸੀਂ ਕਿਸੇ ਨਵੇਂ ਇਕਰਾਰਨਾਮੇ ਉੱਤੇ ਦਸਤਖਤ ਕਰ ਸਕਦੇ ਹੋ ਜਾਂ ਮਹੀਨੇ ਤੋਂ ਮਹੀਨੇ ਵਾਲੇ ਇਕਰਾਰਨਾਮੇ ਉੱਤੇ ਜਾ ਸਕਦੇ ਹੋ।  ਕਿਰਾਏ ਦੇ ਇਕਰਾਰਨਾਮੇ (ਲੀਜ਼) ਨੂੰ ਨਵਿਆਉਣ ਬਾਰੇ ਹੋਰ ਪੜ੍ਹੋ।

ਇਕਰਾਰਨਾਮੇ ਨੂੰ ਖਤਮ ਕਰਨਾ

ਕਿਰਾਏ ਦਾ ਇਕਰਾਰਨਾਮਾ ਕਈ ਕਾਰਨਾਂ ਕਰਕੇ ਖਤਮ ਹੋ ਸਕਦਾ ਹੈ। ਕੁਝ ਆਮ ਕਾਰਨ ਇਹ ਹਨ:

 • ਕਿਰਾਏਦਾਰ ਨੇ ਜਾਇਦਾਦ ਛੱਡਣ ਦਾ ਫੈਸਲਾ ਕੀਤਾ ਹੈ
 • ਸਮਝੌਤਾ ਆਪਣੀ ਅੰਤਿਮ ਤਰੀਕ ਤੇ ਪਹੁੰਚ ਗਿਆ ਹੈ
 • ਮਕਾਨ ਮਾਲਕ ਆਪ ਰਹਿਣਾ, ਜਾਇਦਾਦ ਵੇਚਣਾ ਜਾਂ ਵੱਡੀਆਂ ਮੁਰੰਮਤਾਂ ਕਰਨਾ ਚਾਹੁੰਦਾ ਹੈ

ਕਿਰਾਏਦਾਰ ਨੇ ਕਿਰਾਇਆ ਦੇਣਾ ਬੰਦ ਕਰ ਦਿੱਤਾ ਹੈ, ਹੋਰਨਾਂ ਨੂੰ ਖਤਰੇ ਵਿੱਚ ਪਾ ਰਿਹਾ ਹੈ, ਜਾਇਦਾਦ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ ਜਾਂ ਇਕਰਾਰਨਾਮੇ ਦੇ ਨਿਯਮਾਂ ਨੂੰ ਤੋੜ ਰਿਹਾ ਹੈ।

ਕਿਰਾਏ ਦੇ ਇਕਰਾਰਨਾਮਿਆਂ ਦੇ ਖਤਮ ਹੋਣ ਦੇ ਕਾਰਨਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ, ਕਿਰਾਏਦਾਰਾਂ ਨੂੰ  ਹਿੰਸਾ, ਖਤਰਨਾਕ ਵਿਵਹਾਰ ਅਤੇ ਗੰਭੀਰ ਨੁਕਸਾਨ ਵਾਸਤੇ ਨੋਟਿਸ ਜਾਂ ਤੁਰੰਤ ਨੋਟਿਸ ਦੇਣਾ ਵੇਖੋ।

ਜੇ ਤੁਸੀਂ ਆਪਣੇ ਇਕਰਾਰਨਾਮੇ ਨੂੰ ਖਤਮ ਕਰਨਾ ਚਾਹੁੰਦੇ ਹੋ

ਜਦ ਤੁਸੀਂ ਕਿਰਾਏ ਵਾਲੀ ਜਾਇਦਾਦ ਨੂੰ ਛੱਡਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ ਉੱਤੇ ਆਪਣੇ ਮਕਾਨ ਮਾਲਕ ਨੂੰ ਉਚਿੱਤ ਨੋਟਿਸ ਦੇਣਾ ਚਾਹੀਦਾ ਹੈ ਅਤੇ ਜਾਇਦਾਦ ਨੂੰ ਸਾਫ਼-ਸੁਥਰੀ ਹਾਲਤ ਵਿੱਚ ਛੱਡਣਾ ਚਾਹੀਦਾ ਹੈ।

 • ਇਹ ਪਤਾ ਕਰਨ ਲਈ ਸਾਡੇ ਕੋਲੋਂ ਜਾਂਚ ਕਰੋ ਕਿ ਤੁਹਾਨੂੰ ਕਿੰਨ੍ਹਾ ਕੁ ਨੋਟਿਸ ਦੇਣਾ ਚਾਹੀਦਾ ਹੈ। ਇਹ ਤੁਹਾਡੀ ਸਥਿਤੀ ਅਨੁਸਾਰ ਬਦਲੇਗਾ।
 • ਆਪਣੇ ਮਕਾਨ ਮਾਲਕ ਜਾਂ ਏਜੰਟ ਨੂੰ ਲਿਖਤੀ ਰੂਪ ਵਿੱਚ ਦੱਸੋ ਕਿ ਤੁਹਾਡੀ ਜਾਣ ਦੀ ਯੋਜਨਾ ਕਦੋਂ ਦੀ ਹੈ, ਜਾਂ ਤਾਂ ਈਮੇਲ ਰਾਹੀਂ ਜਾਂ ਚਿੱਠੀ ਰਾਹੀਂ।
 • ਕਿਸੇ ਵੀ ਬਕਾਇਆ ਕਿਰਾਇਆ ਅਤੇ ਬਿੱਲਾਂ ਦਾ ਭੁਗਤਾਨ ਕਰੋ।
 • ਆਪਣੇ ਬੌਂਡ ਨੂੰ ਵਾਪਸ ਲੈਣ ਬਾਰੇ ਆਪਣੇ ਮਕਾਨ ਮਾਲਕ ਜਾਂ ਏਜੰਟ ਨਾਲ ਸੰਪਰਕ ਕਰੋ
 • ਜਾਇਦਾਦ ਨੂੰ ਸਾਫ਼ ਕਰੋ ਅਤੇ ਆਪਣੇ ਸਾਰੇ ਸਾਮਾਨ ਨੂੰ ਆਪਣੇ ਨਾਲ ਲੈ ਕੇ ਜਾਓ।
 • ਬੌਂਡ ਵਾਪਸ ਲੈਣ ਵਿੱਚ ਸਮੱਸਿਆਵਾਂ ਹੋਣ ਦੀ ਸੂਰਤ ਵਿੱਚ ਦਸ਼ਾ ਰਿਪੋਰਟ ਕੋਲ ਰੱਖੋ।
 • ਆਪਣੇ ਮਕਾਨ ਮਾਲਕ ਜਾਂ ਏਜੰਟ ਕੋਲ ਕੋਈ ਸੰਪਰਕ ਦਾ ਪਤਾ ਅਤੇ ਫ਼ੋਨ ਨੰਬਰ ਦੇ ਕੇ ਜਾਉ।

ਆਪਣੇ ਬੌਂਡ ਨੂੰ ਵਾਪਸ ਲੈਣਾ

ਮਕਾਨ ਮਾਲਕ ਇਕ ਅੰਤਿਮ ਜਾਂਚ ਕਰਨਗੇ ਅਤੇ ਜਾਇਦਾਦ ਵਿੱਚ ਕਿਸੇ ਵੀ ਤਬਦੀਲੀਆਂ ਦੀ ਤੁਲਨਾ ਕਰਨ ਲਈ ਦਸ਼ਾ ਰਿਪੋਰਟ ਦੀ ਵਰਤੋਂ ਕਰਨਗੇ। ਉਹ ਤੁਹਾਨੂੰ ਦੱਸਣਗੇ ਕਿ ਕੀ ਉਹ ਸੋਚਦੇ ਹਨ ਕਿ ਉਹਨਾਂ ਕੋਲ ਕੁਝ ਬੌਂਡ ਦਾ ਦਾਅਵਾ ਕਰਨ ਦਾ ਕੋਈ ਜਾਇਜ਼ ਕਾਰਨ ਹੈ।

ਜੇ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਮਕਾਨ ਮਾਲਕ ਵੱਲੋਂ ਬੌਂਡ ਦਾ ਕਿੰਨਾ ਦਾਅਵਾ ਕੀਤਾ ਜਾ ਰਿਹਾ ਹੈ, ਤਾਂ ਬੌਂਡ ਦੇ ਦਾਅਵੇ ਵਾਲੇ ਫਾਰਮ ਉੱਤੇ ਦਸਤਖਤ ਨਾ ਕਰੋ। ਮੁਫ਼ਤ ਸਲਾਹ ਵਾਸਤੇ ਸਾਡੇ ਨਾਲ ਸੰਪਰਕ ਕਰੋ।

ਕਦੇ ਵੀ ਖਾਲੀ ਬੌਂਡ ਦੇ ਦਾਅਵੇ ਵਾਲੇ ਫਾਰਮ ਉੱਤੇ ਦਸਤਖਤ ਨਾ ਕਰੋ।

ਕਿਸੇ ਸਮਝੌਤੇ ਨੂੰ ਜਲਦੀ ਖਤਮ ਕਰਨਾ (ਲੀਜ਼ ਨੂੰ ਤੋੜਨਾ)

ਜੇ ਤੁਸੀਂ ਇਸ ਦੀ ਸਮਾਪਤੀ ਦੀ ਤਰੀਕ ਤੋਂ ਪਹਿਲਾਂ ਕਿਸੇ ਕਿਰਾਏ ਵਾਲੀ ਜਾਇਦਾਦ ਨੂੰ ਛੱਡਣਾ ਚਾਹੁੰਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਲਾਗਤਾਂ ਦਾ ਭੁਗਤਾਨ ਕਰਨਾ ਪਵੇ ਤਾਂ ਜੋ ਮਕਾਨ ਮਾਲਕ ਦੇ ਪੈਸੇ ਦਾ ਨੁਕਸਾਨ ਨਾ ਹੋਵੇ।

ਤੁਹਾਡੇ ਛੱਡ ਜਾਣ ਦੇ ਬਾਅਦ ਤੁਹਾਨੂੰ ਕਿਰਾਇਆ ਅਦਾ ਕਰਦੇ ਰਹਿਣਾ ਪੈ ਸਕਦਾ ਹੈ, ਜੇ ਮਕਾਨ ਮਾਲਕ ਸਿੱਧਾ ਅੰਦਰ ਜਾਣ ਲਈ ਕਿਸੇ ਨੂੰ ਨਹੀਂ ਲੱਭ ਸਕਦਾ।

ਪਰ, ਤੁਹਾਨੂੰ ਜੋ ਕੀਮਤ ਅਦਾ ਕਰਨੀ ਪੈਂਦੀ ਹੈ, ਉਹ ਵਾਜਬ ਹੋਣੀ ਚਾਹੀਦੀ ਹੈ, ਅਤੇ ਮਕਾਨ ਮਾਲਕ ਨੂੰ ਨਵੇਂ ਕਿਰਾਏਦਾਰਾਂ ਨੂੰ ਲੱਭਣ ਲਈ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਉਹ ਕਰ ਸਕਦੇ ਹਨ। ਵਾਜਬ ਲਾਗਤਾਂ ਦਾ ਮਤਲਬ ਹੈ ਉਹ ਖ਼ਰਚੇ ਜਿੰਨ੍ਹਾਂ ਬਾਰੇ ਜ਼ਿਆਦਾਤਰ ਲੋਕ ਸੋਚਣਗੇ ਕਿ ਇਹ ਵਾਜਬ ਹਨ। ਕਾਨੂੰਨ ਇਹ ਪ੍ਰਭਾਸ਼ਿਤ ਨਹੀਂ ਕਰਦਾ ਕਿ ਵਾਜਬ ਖ਼ਰਚੇ ਕੀ ਹਨ, ਇਸ ਲਈ ਜੇ ਲੋਕ ਸਹਿਮਤ ਨਹੀਂ ਹੋ ਸਕਦੇ ਕਿ ਵਾਜਬ ਕੀ ਹੈ, ਤਾਂ ਉਹ ਉਹਨਾਂ ਵਾਸਤੇ ਫੈਸਲਾ ਕਰਨ ਲਈ VCAT ਉੱਤੇ ਅਰਜ਼ੀ ਦੇ ਸਕਦੇ ਹਨ।

ਇਕਰਾਰਨਾਮੇ ਨੂੰ ਜਲਦੀ ਖਤਮ ਕਰਨ ਬਾਰੇ ਹੋਰ ਪੜ੍ਹੋ।

ਕਿਰਾਏ ਦੇ ਇਕਰਾਰਨਾਮੇ ਨੂੰ ਤਬਦੀਲ ਕਰਨਾ

ਕਿਸੇ ਕਿਰਾਏ ਦੇ ਇਕਰਾਰਨਾਮੇ ਨੂੰ ਜਲਦੀ ਖਤਮ ਕਰਨ ਅਤੇ ਖ਼ਰਚਿਆਂ ਦਾ ਭੁਗਤਾਨ ਕਰਨ ਦੀ ਬਜਾਏ, ਤੁਸੀਂ ਇਕਰਾਰਨਾਮੇ ਨੂੰ ਦੂਸਰਿਆਂ ਨੂੰ ਤਬਦੀਲ ਕਰਨ ਦੇ ਯੋਗ ਹੋ ਸਕਦੇ ਹੋ।

ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਅਜੇ ਵੀ ਤਬਾਦਲਾ ਫੀਸਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਪਰ, ਇਹ ਫੀਸਾਂ ਲਾਜ਼ਮੀ ਤੌਰ ਉੱਤੇ ਸ਼ਾਮਲ ਕੰਮ ਦੀ ਮਾਤਰਾ ਵਾਸਤੇ ਵਾਜਬ ਹੋਣੀਆਂ ਚਾਹੀਦੀਆਂ ਹਨ। ਕਿਰਾਏ ਦੇ ਇਕਰਾਰਨਾਮੇ ਨੂੰ ਤਬਦੀਲ ਕਰਨ ਬਾਰੇ ਹੋਰ ਪੜ੍ਹੋ।

ਜਾਇਦਾਦ ਖਾਲੀ ਕਰਨ ਲਈ ਕਿਹਾ ਜਾਣਾ (ਖਾਲੀ ਕਰਨ ਲਈ ਨੋਟਿਸ ਪ੍ਰਾਪਤ ਹੋਣਾ)

ਮਕਾਨ ਮਾਲਕ ਤੁਹਾਨੂੰ ਜਾਇਦਾਦ ਛੱਡਣ ਲਈ ਕਹਿ ਸਕਦੇ ਹਨ, ਪਰ ਕੇਵਲ ਜਾਇਜ਼ ਕਾਰਨ ਕਰਕੇ। ਉਦਾਹਰਣ ਦੇ ਤੌਰ ਤੇ:

 • ਕਿਰਾਏ ਦਾ ਇਕਰਾਰਨਾਮਾ ਖਤਮ ਹੋ ਗਿਆ ਹੈ
 • ਜਾਇਦਾਦ, ਲੋਕਾਂ ਦੇ ਰਹਿਣ ਲਈ ਅਯੋਗ ਹੋ ਗਈ ਹੈ
 • ਤੁਹਾਡਾ ਘੱਟੋ ਘੱਟ 14 ਦਿਨਾਂ ਦਾ ਕਿਰਾਇਆ ਬਕਾਇਆ ਹੈ।

ਮਕਾਨ ਮਾਲਕ ਕਿਸੇ ਕਿਰਾਏਦਾਰ ਨੂੰ ਕੁਝ ਕਰਨ ਵਾਸਤੇ ਕਹਿ ਕੇ ਖਾਲੀ ਕਰਨ ਲਈ ਨੋਟਿਸ ਨਹੀਂ ਦੇ ਸਕਦਾ, ਜਾਂ ਇਹ ਕਹਿ ਕੇ, ਕਿ ਉਹ ਕੁਝ ਕਰਨਗੇ, ਉਹ ਮਾਲਕ ਵਜੋਂ ਕਨੂੰਨੀ ਤੌਰ ਤੇ ਇੰਜ ਕਰਨ ਦੇ ਹੱਕਦਾਰ ਹਨ।

ਉਦਾਹਰਣ ਲਈ, ਕੋਈ ਮਕਾਨ ਮਾਲਕ ਇਹਨਾਂ ਗੱਲਾਂ ਵਾਸਤੇ ਖਾਲੀ ਕਰਨ ਲਈ ਕਿਰਾਏਦਾਰ ਨੂੰ ਨੋਟਿਸ ਨਹੀਂ ਦੇ ਸਕਦਾ:

 • ਮੁਰੰਮਤਾਂ ਲਈ ਬੇਨਤੀ ਕੀਤੀ ਜਾ ਰਹੀ ਹੈ
 • ਪਾਲਤੂ ਜਾਨਵਰ ਰੱਖਣ ਲਈ ਕਹਿਣਾ
 • ਕਿਰਾਏ ਵਿੱਚ ਵਾਧੇ ਨੂੰ ਚੁਣੌਤੀ ਦੇਣਾ।

ਫਿਰ ਵੀ, ਹੋਰ ਕਾਰਨ ਹਨ ਜਿੰਨ੍ਹਾਂ ਕਰਕੇ ਮਕਾਨ ਮਾਲਕ ਕਿਰਾਏ ਦੇ ਇਕਰਾਰਨਾਮੇ ਨੂੰ ਖਤਮ ਕਰਨ ਬਾਰੇ ਸੋਚ ਸਕਦਾ ਹੈ। ਸਾਰੇ ਕਾਰਨ ਜਿੰਨਾਂ ਕਰਕੇ, ਮਕਾਨ ਮਾਲਕ ਤੁਹਾਨੂੰ ਛੱਡ ਜਾਣ ਲਈ ਕਹਿ ਸਕਦਾ ਹੈ, ਅਤੇ ਉਹਨਾਂ ਨੂੰ ਤੁਹਾਨੂੰ ਕਿੰਨ੍ਹਾ ਕੁ ਨੋਟਿਸ ਦੇਣਾ ਚਾਹੀਦਾ ਹੈ, ਕਿਰਾਏ ਦੀਆਂ ਜਾਇਦਾਦਾਂ ਖਾਲੀ ਕਰਵਾਉਣ ਬਾਰੇ ਨੋਟਿਸ ਦੇਖੋ।

ਖਾਲੀ ਕਰਵਾਉਣ ਲਈ ਨੋਟਿਸ ਨੂੰ ਚੁਣੌਤੀ ਦੇਣਾ

ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਖਾਲੀ ਕਰਨ ਲਈ ਸਹੀ ਤਰੀਕੇ ਨਾਲ ਨੋਟਿਸ ਨਹੀਂ ਦਿੱਤਾ ਗਿਆ ਸੀ, ਜਾਂ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਮਕਾਨ ਮਾਲਕ ਨੇ ਜੋ ਕਾਰਨ ਦਿੱਤਾ ਹੈ ਉਹ ਸੱਚਾ ਨਹੀਂ ਜਾਂ ਅਣਉਚਿਤ ਹੈ, ਤਾਂ ਤੁਸੀਂ ਨੋਟਿਸ ਨੂੰ ਚੁਣੌਤੀ ਦੇ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਸਾਡੇ ਨਾਲ ਸੰਪਰਕ ਕਰੋ।

ਖਾਲੀ ਕਰਵਾਉਣਾ (ਕਾਬਜ਼ ਹੋਣ ਦਾ ਆਦੇਸ਼ ਪ੍ਰਾਪਤ ਕਰਨਾ)

ਜੇ ਤੁਹਾਨੂੰ ਕੱਢਿਆ ਜਾ ਰਿਹਾ ਹੈ ਅਤੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਮੁਫ਼ਤ ਸਲਾਹ ਵਾਸਤੇ ਸਾਡੇ ਨਾਲ ਸੰਪਰਕ ਕਰੋ।

ਯਾਦ ਰੱਖਣ ਲਈ ਮਹੱਤਵਪੂਰਣ ਚੀਜ਼ਾਂ

 • ਕਿਸੇ ਵੀ ਚੀਜ਼ ਉੱਤੇ ਦਸਤਖਤ ਨਾ ਕਰੋ, ਜਦ ਤੱਕ ਤੁਸੀਂ ਸਮਝਦੇ ਨਹੀਂ ਕਿ ਇਸ ਦਾ ਕੀ ਮਤਲਬ ਹੈ।
 • ਕਦੇ ਵੀ ਖਾਲੀ ਫਾਰਮ ਉੱਤੇ ਦਸਤਖਤ ਨਾ ਕਰੋ, ਭਾਂਵੇਂ ਕਿ ਇਹ ਸਰਕਾਰੀ ਜਾਪਦਾ ਹੋਵੇ।
 • ਤੁਹਾਡੇ ਵੱਲੋਂ ਦਸਤਖਤ ਕੀਤੀ ਕਿਸੇ ਵੀ ਚੀਜ਼ ਦੀ ਇਕ ਨਕਲ ਆਪਣੇ ਕੋਲ ਰੱਖੋ।
 • ਆਪਣੇ ਮਕਾਨ ਮਾਲਕ ਜਾਂ ਏਜੰਟ ਨਾਲ ਹੋਈ ਸਾਰੀ ਗੱਲਬਾਤ ਦੀਆਂ ਨਕਲਾਂ ਕੋਲ ਰੱਖੋ।
 • ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਵਾਸਤੇ ਭੁਗਤਾਨ ਕਰਨਾ ਪੈਂਦਾ ਹੈ ਤਾਂ ਹਰ ਵਾਰ ਰਸੀਦ ਮੰਗੋ।
 • ਕਿਰਾਏ ਜਾਂ ਮੁਰੰਮਤਾਂ ਵਾਸਤੇ ਆਪਣੀ ਬੌਂਡ ਵਾਲੀ ਰਸੀਦ ਅਤੇ ਹੋਰ ਰਸੀਦਾਂ ਨੂੰ ਕਿਸੇ ਸੁਰੱਖਿਅਤ ਸਥਾਨ ਉੱਤੇ ਰੱਖੋ।

ਜੇ ਤੁਹਾਨੂੰ ਕਿਰਾਏ ਦੀ ਕੋਈ ਸਮੱਸਿਆ ਜਾਂ ਸਵਾਲ ਹੈ ਤਾਂ ਮੁਫ਼ਤ ਸਲਾਹ ਲੈਣ ਲਈ ਸਾਡੇ ਨਾਲ ਸੰਪਰਕ ਕਰੋ।

ਕਨਜ਼ਿਊਮਰ ਅਫੇਅਰਜ਼ ਵਿਕਟੋਰੀਆ (Consumer Affairs Victoria) ਨਾਲ ਦੁਭਾਸ਼ੀਏ ਰਾਹੀਂ ਗੱਲ ਕਰਨ ਵਾਸਤੇ 13 14 50 ਉੱਤੇ ਫੋਨ ਕਰੋ।